ਨਵੀਂ ਦਿੱਲੀ -ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਵੱਲੋਂ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਚਲਾਏ ਜਾ ਰਹੇ ਬਾਰ੍ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਮਾੜੇ ਪ੍ਰਬੰਧਾਂ ਕਾਰਨ ਸਕੂਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਸਿੱਖਾਂ ਦੀ ਵਿਰਾਸਤ ਖ਼ਤਮ ਹੋਣ ਕਿਨਾਰੇ ਪਹੁੰਚ ਗਈਆਂ ਹਨ ।
ਇੰਨ੍ਹਾ ਸਕੂਲਾਂ ਦੀ ਹੋਂਦ ਨੂੰ ਬਚਾਉਣ ਲਈ ਅਤੇ ਕਮੇਟੀ ਸਿਰ ਚੜ੍ਹ ਰਹੇ ਕਰਜੇ ਨੂੰ ਉਤਾਰਨ ਵਿਚ ਮਦਦ ਕਰਣ ਲਈ ਇਕ ਗੈਰ ਸਿੱਖ ਸੰਸਥਾ ਦਿੱਲੀ ਪਬਲਿਕ ਸਕੂਲ ਇੰਟਰਨੈਸ਼ਨਲ ਸੋਸਾਇਟੀ ਅੱਗੇ ਆਈ ਹੈ ਅਤੇ ਉਨ੍ਹਾਂ ਵਲੋਂ ਦਿੱਲੀ ਦੇ ਸਾਰੇ ਬਾਰ੍ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਪ੍ਰਬੰਧਨ ਨੂੰ ਸੰਭਾਲਣ ਲਈ ਦਿਲਚਸਪੀ ਦਿਖਾਈ ਗਈ ਹੈ । ਡਾਕਟਰ ਵਿਜੇ ਕੁਮਾਰ ਚੇਅਰਮੈਨ ਨੇ ਦਸਿਆ ਕਿ ਜੇਕਰ ਉਹ ਸਾਰੇ ਬਾਰ੍ਹਾਂ ਸਕੂਲਾਂ ਦਾ ਪ੍ਰਬੰਧਨ ਪ੍ਰਾਪਤ ਕਰ ਲੈਂਦੇ ਹਨ ਤਦ ਉਹ ਸੇਵਾਮੁਕਤ ਅਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਤਨਖਾਹ ਅਤੇ ਬਕਾਏ ਦੇਣ ਲਈ ਫੰਡ ਲਗਾਉਣ ਵਿੱਚ ਵੀ ਦਿਲਚਸਪੀ ਰੱਖਦੇ ਹਨ ਅਤੇ ਨਾਲ ਹੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਵਿੱਚ ਵੀ ਡੂੰਘੀ ਦਿਲਚਸਪੀ ਰੱਖਦੇ ਹਨ।
ਸ਼੍ਰੀਮਤੀ ਜਸਵੰਤ ਕੌਰ, ਸਕੱਤਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਟੀਚਰਜ਼ ਵੈਲਫੇਅਰ ਐਸੋਸੀਏਸ਼ਨ ਨੇ ਦਿੱਲੀ ਪਬਲਿਕ ਸਕੂਲ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਸਕੂਲਾਂ ਦਾ ਪ੍ਰਬੰਧ ਸੰਭਾਲਣ ਲਈ ਦਿਖਾਈ ਗਈ ਦਿਲਚਸਪੀ ਦਾ ਸਵਾਗਤ ਕੀਤਾ ਹੈ ਅਤੇ ਦਿੱਲੀ ਦੇ ਸਿੱਖਾਂ ਨੂੰ ਹਲੂਣਾ ਦੇਂਦਿਆ ਕਿਹਾ ਕਿ ਅਗੇ ਆਓ ਅਤੇ ਸਕੂਲਾਂ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਕੇ ਆਪਣੀ ਵਿਰਾਸਤ ਨੂੰ ਬਚਾਇਆ ਜਾਏ । ਦਿੱਲੀ ਹਾਈ ਕੋਰਟ ਵਿੱਚ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਦਿੱਲੀ ਕਮੇਟੀ ਦੁਆਰਾ ਪ੍ਰਬੰਧਿਤ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਦੀਵਾਲੀਆਪਨ ਵਿੱਚ ਸ਼ਾਮਲ ਕਰਨ ਲਈ ਦਿੱਲੀ ਪਬਲਿਕ ਸਕੂਲ ਇੰਟਰਨੈਸ਼ਨਲ ਸੁਸਾਇਟੀ ਦੀ ਬੇਨਤੀ ਦਾ ਵੀ ਸਵਾਗਤ ਕੀਤਾ ਹੈ । ਐਡਵੋਕੇਟ ਜੇ.ਐਸ. ਬੇਦੀ ਨੇ ਡੀਐਸਜੀਐਮਸੀ ਨੂੰ ਸਾਰੇ ਬਾਰ੍ਹਾਂ ਸਕੂਲਾਂ ਦਾ ਪ੍ਰਬੰਧਨ ਉਨ੍ਹਾਂ ਨੂੰ ਸੌਂਪਣ ਲਈ ਦਿੱਲੀ ਪਬਲਿਕ ਸਕੂਲ ਇੰਟਰਨੈਸ਼ਨਲ ਸੁਸਾਇਟੀ ਨਾਲ ਗੱਲਬਾਤ ਸ਼ੁਰੂ ਕਰਨ ਦਾ ਸੁਝਾਅ ਵੀ ਦਿੱਤਾ ਹੈ । ਹੁਣ ਦੇਖਣਾ ਹੈ ਕਿ ਕਮੇਟੀ ਇਸ ਪ੍ਰਪੋਜ਼ਲ ਨੂੰ ਸਵੀਕਾਰ ਕਰਦੀ ਹੈ ਜਾ ਸਕੂਲਾਂ ਦੀ ਹੋਂਦ ਜੋ ਕਿ ਖ਼ਤਮ ਹੋਣ ਕੰਡੇ ਹੈ ਵਲ ਧੱਕਦੀ ਹੈ, ਜਾਂ ਫਿਰ ਪੰਥ ਦੇ ਧਨਾੜ ਸਿੱਖ ਇੰਨ੍ਹਾ ਨੂੰ ਬਚਾਉਣ ਅਤੇ ਗੈਰ ਸਿੱਖਾਂ ਦੇ ਹੱਥਾਂ ਅੰਦਰ ਜਾਣ ਤੋਂ ਬਚਾਉਣ ਲਈ ਅੱਗੇ ਆਂਦੇ ਹਨ ।